ਸਿੱਖਾਂ ਵਿਚ ‘ਸਹਿਜਧਾਰੀ’ ਕੋਈ ਮੁੱਦਾ ਨਹੀਂ : ਸੁਖਬੀਰ ਸਿੰਘ ਬਾਦਲ
ਸੁਲਤਾਨਪੁਰ ਲੋਧੀ, 12 ਸਤੰਬਰ (ਸੁਖਵੀਰ ਸਿੰਘ ਸੋਖੀ/ਦਵਿੰਦਰ ਸਿੰਘ ਧੋਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਹਿਜਧਾਰੀ ਮਾਮਲਾ ਸੁਪਰੀਮ ਕੋਰਟ ਵਿਚ ਹੋਣ ਕਾਰਨ ਉਹ ਫ਼ਿਲਹਾਲ ਕੁੱਝ ਨਹੀਂ ਕਹਿਣਗੇ। ਸ. ਬਾਦਲ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਨੇ ਹੁਕਮਨਾਮਾ ਜਾਰੀ ਕਰ ਕੇ ਸਪੱਸ਼ਟ ਕਰ ਦਿਤਾ ਹੈ ਕਿ ਸਿੱਖਾਂ ਵਿਚ ਸਹਿਜਧਾਰੀ ਸਿੱਖ ਵਾਲਾ ਕੋਈ ਮੁੱਦਾ ਨਹੀਂ ਹੈ ਕਿਉਂਕਿ ਇਕ ਤਾਂ ਸਿੱਖੀ ਸਰੂਪ ਵਾਲੇ ਗੁਰਸਿੱਖ ਹਨ ਤੇ ਦੂਜੇ ਪਤਿਤ ਸਿੱਖ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਨੋਟੀਫ਼ੀਕੇਸ਼ਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਚੋਣ ਪਹਿਲਾਂ ਹੋ ਚੁੱਕੀ ਹੈ ਤੇ ਦੂਜੀ ਲਈ ਹੁਣ ਚੋਣ ਪ੍ਰਕਿਰਿਆ ਚਲ ਰਹੀ ਹੈ। ਪ੍ਰੈਸ ਕਾਨਫ਼ਰੰਸ ਵਿਚ ਡਾ. ਉਪਿੰਦਰਜੀਤ ਕੌਰ ਅਤੇ ਹੋਰ ਕਈ ਨੇਤਾ ਵੀ ਹਾਜ਼ਰ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ ਪੰਜਾਬ ’ਚ ਰੋਸ ਧਰਨੇ ਦੇਣ ਲਈ ਜੋ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ, ਉਹ ਰਾਜਨੀਤੀ ਤੋਂ ਪ੍ਰੇਰਤ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਧਰਨੇ ਦੇਣੇ ਸਾਡੇ ਕੋਲੋਂ ਸਿਖੇ ਹਨ। ਜੇ ਧਰਨਾ ਦੇਣਾ ਹੈ ਤਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਸਾਹਮਣੇ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਉਣ ਵਾਲੇ ਸਮੇਂ ਵਿਚ ਕੋਈ ਲਾਭ ਨਹੀਂ ਮਿਲਣਾ ਕਿਉਂਕਿ 25 ਸਾਲ ਤਕ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਸਮਾਜ ਦੇ ਆਸ਼ੀਰਵਾਰ ਨਾਲ ਰਾਜ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਗ਼ੱਦਾਰ ਸ਼੍ਰੋਮਣੀ ਕਮੇਟੀ ਦੇ ਉਮੀਦਵਾਰਾਂ ਦੀ ਵਿਰੋਧਤਾ ਕਰਦੇ ਹਨ, ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਸੈਮੀਫ਼ਾਈਨਲ ਮੈਚ ਹਨ ਤੇ ਵਿਧਾਨ ਸਭਾ ਚੋਣਾਂ ਦਾ ਫ਼ਾਈਨਲ ਪੰਜ ਮਹੀਨੇ ਬਾਅਦ ਹੋਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਨੂੰ ਸੈਮੀਫ਼ਾਈਨਲ ਵਿਚ ਹੀ ਚਿੱਤ ਕਰ ਦਿਤਾ ਜਾਵੇ ਤਾਕਿ ਫ਼ਾਈਨਲ ਵਿਚ ਮੈਦਾਨ ਸਾਫ਼ ਹੋ ਜਾਵੇ। ਸ. ਬਾਦਲ ਨੇ ਕਿਹਾ ਕਿ ਪੰਥਕ ਮੋਰਚੇ ਦੀਆਂ ਸਾਰੀਆਂ ਕਰਤੂਤਾਂ ਪੰਥ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਪੰਥਕ ਮੋਰਚੇ ਦਾ ਇਕੋ-ਇਕ ਨਿਸ਼ਾਨਾ ਹੈ ਕਿ ਕਾਂਗਰਸ ਦਾ ਕਬਜ਼ਾ ਸ਼੍ਰੋਮਣੀ ਕਮੇਟੀ ’ਤੇ ਕਰਵਾਇਆ ਜਾਵੇ। ਡਾ. ਉਪਿੰਦਰਜੀਤ ਕੌਰ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ। ਇਸ ਸਮੇਂ ਰਤਨ ਸਿੰਘ ਅਜਨਾਲਾ ਐਮ.ਪੀ., ਜਰਨੈਲ ਸਿੰਘ ਵਾਹਿਦ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਮਾਸਟਰ ਪੂਰਨ ਸਿੰਘ, ਮਾਸਟਰ ਬੂਟਾ ਸਿੰਘ ਆਦਿ ਵੀ ਹਾਜ਼ਰ ਸਨ।