ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਅਤੇ ਕੈਨੇਡੀਅਨ ਸਿੱਖ ਸਟੱਡੀਜ਼ ਐਂਡ ਟੀਚਿੰਗ ਸੁਸਾਇਟੀ ਵਲੋਂ ਸਮਾਗਮ ਗੁਰਮਤਿ ਕਾਨਫ਼ਰੰਸ ਅਤੇ ਸੈਮੀਨਾਰ ਵਿਚ ਡਾ. ਹਰਜਿੰਦਰ ਸਿੰਘ ਦਿਲਗੀਰ ਤੇ ਡਾ. ਹਰਸ਼ਿੰਦਰ ਕੌਰ ਦਾ ਸਨਮਾਨ
RozanaSpoksman
ਵੈਨਕੂਵਰ (ਕੈਨੇਡਾ), 13 ਸਤੰਬਰ (ਐਚ.ਐਸ.ਦਿਲਗੀਰ): ਬੀਤੇ ਦਿਨ ਕੈਨੇਡੀਅਨ ਸਿੱਖ ਸਟੱਡੀਜ਼ ਐਡ ਟੀਚਿੰਗ ਸੁਸਾਇਟੀ ਅਤੇ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵਲੋਂ ਮੁਲਕ ਦੇ ਇਤਹਾਸਕ ਸ਼ਹਿਰ ਵੈਨਕੂਵਰ ਦੇ ਵਿਸ਼ਾਲ ਪਰਲ ਬੈਂਕੁਏਟ ਹਾਲ ਵਿਚ ਇਤਿਹਾਸਕ ਗੁਰਮਤਿ ਕਾਨਫ਼ਰੰਸ ਅਤੇ ਸੈਮੀਨਾਰ ਕਰਵਾਏ ਗਏ। ਦੋ ਦਿਨ ਚੱਲੀ ਇਸ ਕਾਨਫ਼ਰੰਸ ਵਿਚ ਮੁਲਕ ਦੇ ਸੈਂਕੜੇ ਪਤਵੰਤੇ ਸਿੱਖ ਹਾਜ਼ਰ ਹੋਏ। ਇਨ੍ਹਾਂ ਵਿਚ ਤਕਰੀਬਨ ਸਾਰੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਸਮਾਜ ਦੀ ਕਰੀਮ ਹੀ ਸੀ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਔਰਤਾਂ ਅਤੇ ਬੱਚਿਆਂ ਦੇ ਹੱਕਾਂ ਦੀ ਮਹਾਨ ਅਲੰਬਰਦਾਰ ਡਾ.ਹਰਸ਼ਿੰਦਰ ਕੌਰ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਪ੍ਰੋ.ਗੁਰਬਚਨ ਸਿੰਘ ਥਾਈਲੈਂਡ, ਵੀਰ ਭੂਪਿੰਦਰ ਸਿੰਘ, ਸ. ਪਾਲ ਸਿੰਘ ਪੁਰੇਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਬੀ ਹਰਪ੍ਰੀਤ ਕੌਰ ਮਿਸ਼ਨਰੀ, ਬੀਬੀ ਇੰਦਰਪਾਲ ਕੌਰ ਟਰਾਂਟੋ, ਪ੍ਰੋ.ਜੋਗਿੰਦਰ ਸਿੰਘ, ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਵਾਲੇ ਸ.ਸਤਪਾਲ ਸਿੰਘ ਪੁਰੇਵਾਲ ਅਮਰੀਕਾ, ਸ.ਗੁਰਚਰਨ ਸਿੰਘ ਜਿਊਣਵਾਲਾ, ਸ. ਪਰਮਿੰਦਰ ਸਿੰਘ ਪਰਮਾਰ, ਸ. ਕੁਲਦੀਪ ਸਿੰਘ ‘ਸ਼ੇਰ ਪੰਜਾਬ’ ਰੇਡੀਓ, ਬਹੁਤ ਸਾਰੇ ਅਧਿਆਪਕ, ਲੇਖਕ ਅਤੇ ਸਮਾਜ ਸੇਵੀ ਆਗੂ, ਕੈਨੇਡਾ ਦੇ ਦਰਜ਼ਨ ਦੇ ਕਰੀਬ ਗੁਰਦੁਆਰਿਆਂ ਦੇ ਪ੍ਰਬੰਧਕ, ਕੈਨੇਡਾ ਦੇ ਦਰਜ਼ਨ ਤੋਂ ਵਧ ਪੱਤਰਕਾਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਵੀ ਪੁੱਜੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ‘ਸੰਤਾਂ ਦੇ ਕੌਤਕ’ ਗਰੁਪ ਵਾਲੇ ਸ.ਅਜਾਇਬ ਸਿੰਘ ਤੇ ਸ. ਦਲਜੀਤ ਸਿੰਘ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਇਕ ਦਰਜ਼ਨ ਤੋਂ ਵਧ ਸੀਨੀਅਰ ਆਗੂਆਂ ਸਣੇ ਉਚੇਚੇ ਤੌਰ ’ਤੇ ਪੁੱਜੇ ਸਨ। ਸਮਾਗਮ ਦੇ ਪਹਿਲੇ ਦਿਨ ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਹਾਨੀ ਅਤੇ ਸਮਾਜਕ ਪੈਗ਼ਾਮ ਦਾ ਬਿਆਨ ਕਰਦਿਆਂ ਇਸ ਮਹਾਨ ਫ਼ਲਸਫ਼ੇ ’ਤੇ ਸਾਜ਼ਸ਼ੀ ਹਮਲਿਆਂ ਬਾਰੇ ਭਰਪੂਰ ਚਾਣਨਾ ਪਾਇਆ। ਉਨ੍ਹਾਂ ਦਸਿਆ ਕਿ ਗੁਰੁ ਨਾਨਕ ਸਾਹਿਬ ਦੇ ਵੇਲੇ ਹੀ ਸ੍ਰੀ ਚੰਦ ਤੇ ਲਖਮੀ ਦਾਸ ਅਤੇ ਉਨ੍ਹਾਂ ਤੋਂ ਮਗਰੋਂ ਅਖੌਤੀ ਸਾਹਿਬਜ਼ਾਦਿਆਂ (ਤਰੇਹਨ, ਭੱਲੇ ਤੇ ਸੋਢੀਆਂ) ਨੇ ਇਕ ਪਾਸੇ, ਅਤੇ ਬ੍ਰਾਹਮਣਾਂ ਅਤੇ ਮੌਲਾਣਿਆਂ ਨੇ ਦੂਜੇ ਪਾਸੇ, ਲਾਸਾਨੀ ਸਿੱਖ ਫ਼ਲਸਫ਼ੇ ਨੂੰ ਖ਼ਤਮ ਕਰਨ ਵਾਸਤੇ ਲਗਾਤਾਰ ਸਾਜ਼ਸ਼ਾਂ ਜਾਰੀ ਰੱਖੀਆਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਫ਼ਲਸਫ਼ੇ ਤੇ ਧਾਰਮਕ, ਸਮਾਜਕ, ਸਿਆਸੀ ਤੇ ਮਾਲੀ ਪੱਖ ਤੋਂ ਹਮਲੇ ਹੋਏ ਅਤੇ ਇਨ੍ਹਾਂ ਹਮਲਿਆਂ ਵਿਚ ਸਿੱਖ ਦੁਸ਼ਮਣ ਮਿਲ ਜੁਲ ਕੇ ਵੀ ਸਾਜ਼ਸ਼ਾਂ ਵਿਚ ਭਾਈਵਾਲ ਹੁੰਦੇ ਰਹੇ। ਇਸ ਪੇਪਰ ’ਤੇ ਟਿੱਪਣੀ ਦੇਂਦਿਆਂ ਔਰਤਾਂ ਅਤੇ ਬੱਚਿਆਂ ਦੇ ਹੱਕਾਂ ਦੀ ਅਲੰਬਰਦਾਰ ਡਾ.ਹਰਸ਼ਿੰਦਰ ਕੌਰ ਨੇ ਕਿਹਾ ਕਿ ‘ਮੈਂ ਹੁਣ ਤਕ ਡਾ.ਗੰਡਾ ਸਿੰਘ ਅਤੇ ਅਪਣੇ ਪਿਤਾ (ਪ੍ਰੋ ਪ੍ਰੀਤਮ ਸਿੰਘ) ਤੋਂ ਪ੍ਰਭਾਵਤ ਹੋਈ ਸੀ ਤੇ ਜਾਂ ਫਿਰ ਅੱਜ ਡਾ. ਦਿਲਗੀਰ ਦੇ ਲੈਕਚਰ ਨੇ ਮੈਨੂੰ ਕੀਲਿਆ ਹੈ। ਇਸੇ ਦਿਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੁਧਿਆਣਾ ਦੇ ਪ੍ਰਿੰਸੀਪਲ ਪ੍ਰੋ.ਗੁਰਬਚਨ ਸਿੰਘ ਥਾਈਲੈਂਡ, ਵੀਰ ਭੂਪਿੰਦਰ ਸਿੰਘ ਅਮਰੀਕਾ, ਸ.ਗੁਰਚਰਨ ਸਿੰਘ ਜਿਊਣਵਾਲਾ, ਪ੍ਰੋ.ਜਗਿੰਦਰ ਸਿੰਘ ਨੇ ਵੀ ਸੈਮੀਨਾਰ ਨੂੰ ਮੁਖ਼ਾਤਿਬ ਕੀਤਾ। ਦੂਜੇ ਦਿਨ ਡਾ.ਹਰਸ਼ਿੰਦਰ ਕੌਰ ਨੇ ਅੰਕੜਿਆਂ ਦੇ ਹਵਾਲਿਆਂ ਨਾਲ ਸਾਬਿਤ ਕੀਤਾ ਕਿ ਪੰਜਾਬ ਵਿਰੁਧ ਵੱਡੇ ਪੱਧਰ ’ਤੇ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੋਈ ਵੱਡੀ ਗੱਲ ਨਹੀਂ ਕਿ ਇਹ ਸਾਰੀ ਸਾਜ਼ਸ਼ ਪੰਜਾਬ ਦੇਸ਼ ਨੂੰ ਤਬਾਹ ਕਰ ਦੇਵੇ। ਉਨ੍ਹਾਂ ਦੱਸਿਆਂ ਕਿ ਕਿਵੇਂ ਪੰਜਾਬ ਵਿਚ 65 ਫ਼ੀ ਸਦੀ ਤੋਂ ਵਧ ਨੌਜਵਾਨ ਨਸ਼ੱਈ ਹੋ ਚੁਕੇ ਹਨ ਤੇ ਕਿਵੇਂ ਵੱਡੀ ਗਿਣਤੀ ਵਿਚ ਅਣਜੰਮੀਆਂ ਬੱਚੀਆਂ ਦੀ ਹੱਤਿਆ ਕੀਤੀ ਜਾ ਚੁਕੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਵਿਚ ਏਡਜ਼ ਬੀਮਾਰੀ ਨੇ ਵੀ ਮਾਰੂ ਹਮਲਾ ਬੋਲਿਆ ਹੋਇਆ ਹੈ ਅਤੇ ਆਉਣ ਵਾਲੇ 16 ਸਾਲਾਂ ਵਿਚ ਹਜ਼ਾਰਾਂ ਲੋਕਾਂ ਦੇ ਇਸ ਬੀਮਾਰੀ ਨਾਲ ਮਰਨ ਦੇ ਆਸਾਰ ਨਜ਼ਰ ਆ ਰਹੇ ਹਨ। ਸਮਾਗਮ ਦੇ ਸਟੇਜ ਸਕੱਤਰ ਦੀ ਸੇਵਾ ਸ.ਹਰਬੰਸ ਸਿੰਘ ਕੰਦੋਲਾ ਨੇ ਨਿਭਾਈ ਅਤੇ ਡਾ.ਪੂਰਨ ਸਿੰਘ ਗਿੱਲ, ਸ.ਸਤਨਾਮ ਸਿੰਘ ਜੌਹਲ, ਸ.ਪਿਆਰਾ ਸਿੰਘ ਬੀਸਲਾ, ਸ.ਜਸਬੀਰ ਸਿੰਘ ਗੰਡਮ ਅਤੇ ਉਨ੍ਹਾਂ ਦੇ ਦਰਜ਼ਨਾਂ ਸਾਥੀਆਂ ਦੀ ਟੀਮ ਨੇ ਸਮਾਗਮ ਵਾਸਤੇ ਦਿਨ ਰਾਤ ਕੰਮ ਕੀਤਾ। ਇਸੇ ਦਿਨ ਡਾ. ਦਿਲਗੀਰ ਅਤੇ ‘ਅਖੌਤੀ ਸੰਤਾਂ ਦੇ ਕੌਤਕ’ ਪ੍ਰਾਜੈਕਟ ਦੇ ਸ ਅਜਾਇਬ ਸਿੰਘ ਸੀਆਟਲ ਨੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਚ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਤ ਕੀਤਾ। ਇਸ ਮੌਕੇ ਪੰਥਕ ਕਮੇਟੀ ਦੇ ਜਥੇਦਾਰ ਸਤਿੰਦਰਪਾਲ ਸਿੰਘ, ਗੁਰਦੁਆਰੇ ਦੇ ਪ੍ਰਧਾਨ ਸ.ਗਿਆਨ ਸਿੰਘ ਤੇ ਸਕੱਤਰ ਮਨਜੀਤ ਸਿੰਘ ਧਾਮੀ ਉਚੇਚੇ ਤੌਰ ’ਤੇ ਹਾਜ਼ਰ ਸਨ।