ਮਿਲਾਪ ਦਿਵਸ ਮਨਾਉਣ ਲਈ 101 ਸ਼ਰਧਾਲੂਆਂ ਦਾ ਜੱਥਾ ਹਜ਼ੂਰ ਸਾਹਿਬ ਰਵਾਨਾ ਸਰਕਾਰਾਂ ਦੇ ਕੰਮ ਬਾਬਾ ਬੰਦਾ ਸਿੰਘ ਬਹਾਦਰ ਫ਼ਾਊਂਡੇਸ਼ਨ ਕਰ ਰਹੀ ਹੈ: ਲਿਬੜਾ
Rozanaspoksman
ਲੁਧਿਆਣਾ, 15 ਸਤੰਬਰ (ਸ.ਸ.ਸ.): ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਾਲੇ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਹੋਏ ਇਤਿਹਾਸਕ ਮਿਲਾਪ ਦੀ 303ਵੀਂ ਵਰ੍ਹੇਗੰਢ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਦੇ ਸਰਪ੍ਰਸਤ ਸਾਬਕਾ ਮੰਤਰੀ ਜਸਵੀਰ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿਚ 101 ਸ਼ਰਧਾਲੂਆਂ ਦਾ ਜੱਥਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਅੱਜ ਇਥੋਂ ਸੱਚਖੰਡ ਐਕਸਪ੍ਰੈਸ ਰਾਹੀਂ ਰਵਾਨਾ ਹੋਇਆ। ਇਸ ਜੱਥੇ ਨੂੰ ਰਵਾਨਾ ਕਰਨ ਲਈ ਉਚੇਚੇ ਤੌਰ ’ਤੇ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ, ਸਾਬਕਾ ਵਿਧਾਇਕ ਅਤੇ ਫ਼ਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ ਅਤੇ ਜਨਰਲ ਸਕੱਤਰ ਬਲਜਿੰਦਰਜੀਤ ਸਿੰਘ ਤੂਰ ਪੁੱਜੇ। ਸੰਸਦ ਮੈਂਬਰ ਲਿਬੜਾ ਅਤੇ ਜੱਸੋਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਵਲੋਂ ਕੀਤੇ ਗਏ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੰਮ ਸਮੇਂ ਦੀਆਂ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਉਹ ਬਾਵਾ ਅਤੇ ਉਨ੍ਹਾਂ ਦੀ ਟੀਮ ਕਰ ਰਹੀ ਹੈ। ਫਾਊਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ 18 ਸਤੰਬਰ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਮਿਲਾਪ ਦਿਹਾੜੇ ਸਬੰਧੀ ਵਿਸ਼ੇਸ਼ ਸਮਾਗਮ ਹੋਵੇਗਾ ਜਿਸ ਵਿਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ, ਬੁੱਧੀਜੀਵੀ ਅਤੇ ਲੇਖਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਹਾਨ ਜੀਵਨ ਉਪਰ ਰੋਸ਼ਨੀ ਪਾਉਣਗੇ। ਇਸ ਜੱਥੇ ਵਿਚ ਜਸਵਿੰਦਰ ਸਿੰਘ ਹੈਪੀ ਪ੍ਰਧਾਨ ਫ਼ਾਊਂਡੇਸ਼ਨ ਲੁਧਿਆਣਾ ਸ਼ਹਿਰੀ, ਹਰਚੰਦ ਸਿੰਘ ਧੀਰ, ਮਹੰਤ ਗਿਆਨ ਦਾਸ ਮਕਸੂਦੜਾਂ ਸਕੱਤਰ, ਕੰਚਨ ਬਾਵਾ ਪ੍ਰਧਾਨ ਬੈਰਾਗੀ ਮਹਾਂ ਮੰਡਲ ਮਹਿਲਾ ਵਿੰਗ, ਭਗਵਾਨ ਦਾਸ ਬਾਵਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ।