ਸ਼੍ਰੋਮਣੀ ਕਮੇਟੀ ਚੋਣਾਂ: ਬੱਸੀ ਪਠਾਣਾਂ ਸੀਟ ’ਤੇ ਆਹਮੋ ਸਾਹਮਣੇ ਹੋਏ ਖ਼ਾਲਿਸਤਾਨ ਪੱਖੀ ਦੋ ਆਗੂਆਂ ’ਤੇ ਟਿਕੀਆਂ ਸੱਭ ਦੀਆਂ ਨਜ਼ਰਾਂ
Rozanaspoksman
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਗੁਰਪ੍ਰੀਤ ਸਿੰਘ ਮਹਿਕ): ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਦੇਸ਼-ਵਿਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਬੱਸੀ ਪਠਾਣਾਂ ਜਨਰਲ ਸੀਟ ’ਤੇ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਸੀਟ ’ਤੇ ਖ਼ਾਲਿਸਤਾਨ ਪੱਖੀ ਦੋ ਆਗੂ ਸ. ਸਿਮਰਨਜੀਤ ਸਿੰਘ ਮਾਨ ਅਤੇ ਭਾਈ ਹਰਪਾਲ ਸਿੰਘ ਚੀਮਾ ਆਹਮੋ-ਸਾਹਮਣੇ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਸ ਸੀਟ ’ਤੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਨੂੰ ਚੋਣ ਮੈਦਾਨ ’ਚ ਉਤਾਰਨ ਪਿੱਛੋਂ ਮੁਕਾਬਲਾ ਤਿਕੋਣਾ ਹੋ ਗਿਆ ਹੈ। ਇਸ ਦੋਹਰੀ ਸੀਟ ਤੋਂ ਦੂਜੀ ਸੀਟ ਅਨੂਸੂਚਿਤ ਜਾਤੀ ਲਈ ਰਾਖਵੀਂ ਹੋਣ ਕਾਰਨ ਸਬੰਧਤ ਉਮੀਦਵਾਰ ਵੀ ਖੜੇ ਹਨ ਪਰ ਲੋਕਾਂ ਦੀਆਂ ਨਜ਼ਰਾਂ ਜਨਰਲ ਸੀਟ ’ਤੇ ਹੀ ਲਗੀਆਂ ਹੋਈਆਂ ਹਨ। ਸ. ਮਾਨ ਦਾ ਜੱਦੀ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ, ਭਾਈ ਹਰਪਾਲ ਸਿੰਘ ਚੀਮਾ ਦਾ ਪਿੰਡ ਲੁਹਾਰੀ ਅਤੇ ਰਣਧੀਰ ਸਿੰਘ ਦਾ ਪਿੰਡ ਕਰੀਮਪੁਰਾ, ਬੱਸੀ ਪਠਾਣਾਂ ਹਲਕੇ ਵਿਚ ਹੀ ਹਨ। ਦੋ ਵਾਰ ਸੰਸਦ ਮੈਂਬਰ ਅਤੇ ਇਕ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਰਹਿ ਚੁਕੇ ਸਾਬਕਾ ਆਈ.ਪੀ.ਐਸ. ਅਫ਼ਸਰ ਸ. ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਹਨ। ਉਨ੍ਹਾਂ ਦੀ ਪਾਰਟੀ ਦਾ ਸ਼੍ਰੋਮਣੀ ਕਮੇਟੀ ਚੋਣਾਂ ’ਚ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਹੋਇਆ, ਇਸ ਲਈ ਉਹ ਬੱਸੀ ਪਠਾਣਾਂ ਸੀਟ ਤੋਂ ਅਪਣੇ ਬਲਬੂਤੇ ਚੋਣ ਲੜ ਰਹੇ ਹਨ ਜਦ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਪੰਥਕ ਮੋਰਚੇ ਦੇ ਉਮੀਦਵਾਰ ਹਨ। ਸ. ਮਾਨ ਖੁਲ੍ਹੇ ਤੌਰ ’ਤੇ ਬੱਸੀ ਪਠਾਣਾਂ ਸਣੇ ਪੰਜਾਬ ਦੀਆਂ ਹੋਰਨਾਂ ਸੀਟ ਉਤੇ ਖ਼ਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜ ਰਹੇ ਹਨ। ਇਸੇ ਦੇ ਉਲਟ, ਖ਼ਾਲਿਸਤਾਨ ਦੇ ਮੁੱਦੇ ’ਤੇ ¦ਮੇ ਸਮੇਂ ਤੋਂ ਸੰਘਰਸ਼ ਕਰ ਰਹੇ ਅਤੇ ਜੇਲਾਂ ਕੱਟਣ ਵਾਲੇ ਭਾਈ ਚੀਮਾ ਸ਼੍ਰੋਮਣੀ ਕਮੇਟੀ ਚੋਣਾਂ ਖ਼ਾਲਿਸਤਾਨ ਦੇ ਮੁੱਦੇ ’ਤੇ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ’ਚ ਸੁਧਾਰ ਦੇ ਮੁੱਦੇ ’ਤੇ ਚੋਣ ਲੜ ਰਹੇ ਹਨ ਅਤੇ ਅਪਣੇ ਚੋਣ ਪ੍ਰ੍ਰਚਾਰ ਵਿਚ ਵੀ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧ ਦਾ ਜ਼ਿਕਰ ਕਰਦੇ ਹਨ ਜਦ ਕਿ ਭਾਈ ਚੀਮਾ ਦੇ ਸਮਰਥਕ ਪਿੰਡਾਂ ’ਚ ਲੋਕਾਂ ਨੂੰ ਦੱਸ ਰਹੇ ਹਨ ਕਿ ਉਹ 10 ਸਾਲ ਅਮਰੀਕਾ ਅਤੇ ਪੰਜ ਸਾਲ ਭਾਰਤ ’ਚ ਜੇਲ ਵਿਚ ਰਹੇ। ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਭਾਈ ਦਲਜੀਤ ਸਿੰਘ ਬਿੱਟੂ ਜੇਲ ਵਿਚ ਬੰਦ ਹਨ। ਭਾਈ ਚੀਮਾ ਤੇ ਭਾਈ ਬਿੱਟੂ ਪਹਿਲਾਂ ਸ. ਮਾਨ ਨਾਲ ਹੀ ਸਨ ਪਰ ਬਾਅਦ ’ਚ ਉਨ੍ਹਾਂ ਵਿਚ ਵਿਚਾਰਕ ਮਤਭੇਦ ਹੋ ਗਿਆ ਅਤੇ ਉਹ ਵੱਖ ਹੋ ਗਏ। ਬੱਸੀ ਪਠਾਣਾਂ ਤੋਂ ਇਲਾਵਾ ਚੰਨਣਵਾਲ ਹਲਕੇ ਤੋਂ ਵੀ ਸ਼੍ਰੋਮਣੀ ਕਮੇਟੀ ਚੋਣ ਲੜ ਰਹੇ ਸ. ਮਾਨ ਅਪਣੇ ਚੋਣ ਪ੍ਰਚਾਰ ’ਚ ਖ਼ਾਲਿਸਤਾਨ ਪੱਖੀ ਪੰਥਕ ਮੋਰਚੇ ਦੇ ਉਮੀਦਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਬਾਦਲ ਦਲ ਦੇ ਉਮੀਦਵਾਰ ਰਣਧੀਰ ਸਿੰਘ ਚੀਮਾ ਅਤੇ ਇਨ੍ਹਾਂ ਦੀਆਂ ਪਾਰਟੀਆਂ ਦੀ ਨੁਕਤਾਚੀਨੀ ਕਰਦੇ ਹਨ। ਬੱਸੀ ਪਠਾਣਾਂ ਹਲਕੇ ’ਚ ਸ. ਮਾਨ ਅਪਣੀ ਚੋਣ ਮੁਹਿੰਮ ਪਾਰਟੀ ਵਰਕਰਾਂ ਨਾਲ ਮਿਲ ਕੇ ਖ਼ੁਦ ਚਲਾ ਰਹੇ ਹਨ ਕਿਉਂਕਿ ਉਨ੍ਹਾਂ ਦਾ ਪੁੱਤਰ ਈਮਾਨ ਸਿੰਘ ਮਾਨ, ਜੋ ਪਿਛਲੀ ਵਾਰ ਸ਼੍ਰੋਮਣੀ ਕਮੇਟੀ ਚੋਣ ਹਾਰ ਗਿਆ ਸੀ, ਇਸ ਵਾਰ ਭਾਦਸੋਂ ਤੋਂ ਸ਼੍ਰੋਮਣੀ ਕਮੇਟੀ ਚੋਣ ਲੜ ਰਿਹਾ ਹੈ। ਇਲਾਕੇ ਦੇ ਲੋਕ ਇੰਜ ਮਹਿਸੂਸ ਕਰ ਰਹੇ ਹਨ ਕਿ ਸ. ਮਾਨ ਅਤੇ ਭਾਈ ਚੀਮਾ ਦੇ ਚੋਣ ਮੈਦਾਨ ’ਚ ਉਤਰਨ ਕਾਰਨ ਖ਼ਾਲਿਸਤਾਨ ਪੱਖੀ ਸੋਚ ਰੱਖਣ ਵਾਲੇ ਲੋਕਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ। ਭਾਵੇਂ ਕਾਂਗਰਸ ਸਿੱਧੇ ਤੌਰ ’ਤੇ ਇਨ੍ਹਾਂ ਚੋਣਾਂ ਵਿਚ ਹਿੱਸਾ ਨਹੀਂ ਲੈ ਰਹੀ ਹੈ ਪਰ ਕਾਂਗਰਸ ਪੱਖੀ ਸੋਚ ਰੱਖਣ ਵਾਲੇ ਵੋਟਰ ਸ. ਮਾਨ ਅਤੇ ਭਾਈ ਚੀਮਾ ਨੂੰ ਵੋਟ ਪਾ ਸਕਦੇ ਹਨ। ਬੱਸੀ ਪਠਾਣਾਂ ਦੇ 42,000 ਵੋਟਰ ਕਰਨਗੇ ਫ਼ੈਸਲਾ ਮੌਜੂਦਾ ਸਮੇਂ ’ਚ ਬੱਸੀ ਪਠਾਣਾਂ ਹਲਕੇ ਵਿਚ 42,000 ਦੇ ਕਰੀਬ ਵੋਟਰ ਹਨ ਅਤੇ 160 ਦੇ ਲਗਭਗ ਪਿੰਡਾਂ ਅਤੇ ਦੋ ਸ਼ਹਿਰਾਂ ਬੱਸੀ ਪਠਾਣਾਂ ਅਤੇ ਖਮਾਣੋਂ ਦੇ ਵੋਟਰ ਅਪਣਾ ਉਮੀਦਵਾਰ ਚੁਣਗੇ। ਬੱਸੀ ਪਠਾਣਾਂ ਜਨਰਲ ਅਤੇ ਰਾਖਵੀਆਂ ਸੀਟਾਂ ’ਤੇ ਕਰੀਬ 6 ਉਮੀਦਵਾਰ ਚੋਣ ਲੜ ਰਹੇ ਹਨ। ਬਾਦਲ ਦਲ ਦੀ ਗੁੱਟਬਾਜ਼ੀ ਉਮੀਦਵਾਰ ਨੂੰ ਪੈ ਸਕਦੀ ਹੈ ਭਾਰੀ ਭਾਵੇਂ ਬਾਦਲ ਦਲ ਦੇ ਉਮੀਦਵਾਰ ਕੋਲ ਦੂਜੇ ਉਮੀਦਵਾਰ ਦੇ ਮੁਕਾਬਲੇ ਜ਼ਿਆਦਾ ਸਾਧਨ ਹਨ, ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ ਚੀਮਾ ਬਾਦਲ ਦਲ ਦਾ ਜ਼ਿਲ੍ਹਾ ਪ੍ਰਧਾਨ ਹੈ ਅਤੇ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸ਼੍ਰੋਮਣੀ ਕਮੇਟੀ ਚੋਣਾਂ ’ਚ ਜ਼ਿਲ੍ਹਾ ਨਿਰੀਖਕ ਨਿਯੁਕਤ ਕੀਤਾ ਹੈ ਪਰ ਅਕਾਲੀਆਂ ਦੀ ਆਪਸੀ ਗੁੱਟਬਾਜ਼ੀ ਦਾ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਹਾਲ ਹੀ ਵਿਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬੱਸੀ ਪਠਾਣਾਂ ਵਿਖੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਰੈਲੀ ਕੀਤੀ ਪਰ ਪਾਰਟੀ ਦੇ ਸੀਨੀਅਰ ਆਗੂ ਰਾਜੇਸ਼ਪਾਲ ਸਿੰਘ ਲਾਲੀ ਰੈਲੀ ’ਚੋਂ ਗ਼ੈਰ ਹਾਜ਼ਰ ਰਹੇ ਹਾਲਾਂਕਿ ਬਾਅਦ ਵਿਚ ਸ. ਬਾਦਲ ਲੰਮੇ ਸਮੇਂ ਤੋਂ ਨਾਰਾਜ਼ ਚਲ ਰਹੇ ਇਸ ਆਗੂ ਦੀ ਰਿਹਾਇਸ਼ ’ਤੇ ਵੀ ਗਏ। ਸ਼ੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਜਗਦੇਵ ਸਿੰਘ ਤਲਵੰਡੀ ਦੇ ਨਜ਼ਦੀਕੀ ਰਿਸ਼ਤੇਦਾਰ ਸ. ਰਣਧੀਰ ਸਿੰਘ ਚੀਮਾ ਬਾਦਲ ਦਲ ’ਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਸ. ਬਾਦਲ ਨੇ ਬੱਸੀ ਪਠਾਣਾਂ ਦੀ ਹਾਲੀਆ ਰੈਲੀ ਦੌਰਾਨ ਕਿਹਾ ਸੀ, ‘‘ਸ. ਚੀਮਾ ਸਿਆਸਤ ’ਚ ਮੇਰੇ ਨਾਲੋਂ ਵੱਧ ਸੀਨੀਅਰ ਹਨ।’’ ਸ. ਚੀਮਾ ਤੇ ਉਨ੍ਹਾਂ ਦੇ ਸਮਰਥਕ ਯੋਜਨਾਬਧ ਢੰਗ ਨਾਲ ਕੀਤੇ ਜਾ ਰਹੇ ਪ੍ਰਚਾਰ ਦੌਰਾਨ ਵੋਟਰਾਂ ਨੂੰ ਅਪਣੇ ਵਲੋਂ ਪਿਛਲੇ ਸਮੇਂ ’ਚ ਕੀਤੇ ਕੰਮਾਂ ਬਾਰੇ ਦੱਸ ਰਹੇ ਹਨ।