ਗੁਰਦਵਾਰਾ ਚੋਣਾਂ : ਬਾਦਲ ਨੇ ਅਪਣੇ ਸਾਰੇ ਵਿਰੋਧੀ ਚਾਰੋ ਖ਼ਾਨੇ ਚਿਤ ਕੀਤੇ
Ref: Rozanaspokesman
ਚੰਡੀਗੜ੍ਹ, 18 ਸਤੰਬਰ (ਜਗਤਾਰ ਸਿੰਘ ਭੁੱਲਰ, ਪੀ.ਟੀ.ਆਈ.): ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅੱਜ ਪਈਆਂ ਵੋਟਾਂ ’ਚ ਪਤਿਤ ਅਤੇ ਸਹਿਜਧਾਰੀ ਵੋਟਰਾਂ ਨੇ ਸਰਕਾਰ ਦੀ ਮਿਲੀਭੁਗਤ ਨਾਲ ‘ਅਪਣੀ ਨਾਜਾਇਜ਼ ਵੋਟ’ ਦੇ ਅਧਿਕਾਰ ਦੀ ਜੰਮ ਕੇ ਵਰਤੋਂ ਕੀਤੀ। ਬਾਦਲ ਅਕਾਲੀ ਦਲ ਦੀ ਜ਼ਬਰਦਸਤ ਜਿੱਤ ਅੱਗੇ ਵਿਰੋਧੀ ਬਿਲਕੁਲ ਨਾ ਟਿਕ ਸਕੇ ਅਤੇ ਉਨ੍ਹਾਂ ਨੂੰ ਪਿਛਲੀ ਵਾਰ ਤੋਂ ਅੱਧੀਆਂ ਸੀਟਾਂ ਵੀ ਹਾਸਲ ਨਹੀਂ ਹੋਈਆਂ। ਕੁਲ 170 ਸੀਟਾਂ ਵਿਚੋਂ 157 ਸ਼੍ਰੋਮਣੀ ਅਕਾਲੀ ਦਲ ਅਤੇ ‘ਸੰਤ’ ਸਮਾਜ ਦੇ ਖਾਤੇ ਵਿਚ ਗਈਆਂ ਜਦ ਕਿ ਵਿਰੋਧੀਆਂ ਨੂੰ ਸਾਂਝੇ ਤੌਰ ’ਤੇ ਸਿਰਫ਼ 13 ਸੀਟਾਂ ਹੀ ਹਾਸਲ ਹੋ ਸਕੀਆਂ। ਪੰਜਾਬ ਦੇ ਗੁਰਦਵਾਰਾ ਚੋਣ ਕਮਿਸ਼ਨਰ ਮਨਦੀਪ ਸਿੰਘ ਅਨੁਸਾਰ ਸੂਬੇ ’ਚ 55 ਫ਼ੀ ਸਦੀ ਵੋਟਿੰਗ ਹੋਈ ਹੈ। ਗ਼ੈਰ ਸਰਕਾਰੀ ਨਤੀਜਿਆਂ ਅਨੁਸਾਰ ਮੌਜੂਦਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ¦ਗਾਹ, ਸੁਖਦੇਵ ਸਿੰਘ ਭੌਰ, ਅਮਰਜੀਤ ਸਿੰਘ ਚਾਵਲਾ, ਕਿਰਨਜੋਤ ਕੌਰ, ਹਰਜਿੰਦਰ ਕੌਰ, ਸੁਖਦਰਸ਼ਨ ਸਿੰਘ ਮਰਾੜ, ਤੋਤਾ ਸਿੰਘ ਅਤੇ ਅਲਵਿੰਦਰਪਾਲ ਸਿੰਘ ਪੱਖੋਕੇ ਸਮੇਤ ਕਈ ਪ੍ਰਮੁੱਖ ਅਕਾਲੀ ਆਗੂ ਚੋਣ ਜਿੱਤ ਗਏ ਹਨ ਜਦ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਭਾਈ ਹਰਪਾਲ ਸਿੰਘ ਚੀਮਾ ਸਮੇਤ ਪੰਥਕ ਮੋਰਚੇ ਦੇ ਕਈ ਪ੍ਰਮੁੱਖ ਆਗੂ ਚੋਣ ਹਾਰ ਗਏ ਹਨ। ਅਕਾਲੀ ਸਰਕਾਰ ਦੀ ‘ਗੁੰਡਾਗਰਦੀ ਤੇ ਧੱਕੇਸ਼ਾਹੀ’ ਨੂੰ ਅੱਖੋਂ ਪਰੋਖੇ ਕਰਦਿਆਂ ਚੋਣ ਅਮਲੇ ਸਮੇਤ ਜ਼ਿਲ੍ਹਿਆਂ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਅੱਖਾਂ ਬੰਦ ਕਰ ਕੇ ਸਹਿਜਧਾਰੀ ਤੇ ਪਤਿਤ ਵੋਟਰਾਂ ਦੀਆਂ ਵੋਟਾਂ ਪੁਆਈਆਂ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਅਕਾਲੀ ਦਲ ਦੇ ਪ੍ਰਭਾਵ ਹੇਠ ਘੋਨਾ-ਮੋਨਾ ਅਕਾਲੀ ਦਲ ਦੇ ਵਰਕਰਾਂ ਨੇ ਵੋਟਾਂ ਪਾਈਆਂ ਹਾਲਾਂਕਿ ਗੁਰਦਵਾਰਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਨ ਕਿ ਸਹਿਜਧਾਰੀ ਤੇ ਪਤਿਤ ਸਿੱਖਾਂ ਦੀਆਂ ਵੋਟਾਂ ਨਾ ਪੁਆਈਆਂ ਜਾਣ ਪਰ ਮੁੱਖ ਮੰਤਰੀ ਬਾਦਲ ਦੇ ਪਿੰਡ ਸਣੇ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਹਲਕੇ ਵਿਚ ਪ੍ਰਭਾਵਸ਼ਾਲੀ ਅਕਾਲੀ ਆਗੂਆਂ ਦੀ ਸ਼ੈਅ ’ਤੇ ਸਾਬਤ-ਸੂਰਤ ਸਿੱਖਾਂ ਦੇ ਨਾਲ-ਨਾਲ ਸਹਿਜਧਾਰੀ ਸਿੱਖ ਵੀ ਵੋਟ ਪਾ ਗਏ। ਯਾਦ ਰਹੇ ਕਿ ਸ. ਬਾਦਲ ਸਮੇਤ ਸਮੁੱਚਾ ਅਕਾਲੀ ਦਲ ਸਹਿਜਧਾਰੀ ਵੋਟਰਾਂ ਵਿਰੁਧ ਹੈ ਪਰ ਅੱਜ ਜਿਨ੍ਹਾਂ ਸਹਿਜਧਾਰੀਆਂ ਨੇ ਵੋਟਾਂ ਪਾਈਆਂ, ਉਹ ਬਾਦਲ ਦਲ ਦੇ ਹੱਕ ’ਚ ਹੀ ਭੁਗਤੀਆਂ ਹਨ। ਇਥੋਂ ਤਕ ਕਿ ਸ. ਬਾਦਲ ਦੇ ਪਿੰਡ ਦੇ ਇਕ ਪਤਿਤ ਵੋਟਰ ਨੇ ਅਕਾਲੀ ਦਲ ਨੂੰ ਤਾਂ ਇਹ ਕਹਿ ਕੇ ਵੋਟ ਪਾਈ ਕਿ ‘ਮੁੱਖ ਮੰਤਰੀ ਮਸੀਹਾ ਹਨ।’ ਦੂਜੇ ਪਾਸੇ ਅਕਾਲੀ ਦਲ ਦੇ ਵਿਧਾਇਕਾਂ ਜਿਨ੍ਹਾਂ ਵਿਚ ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਉਤੇ ਵੀ ਵਿਰੋਧੀ ਧਿਰ ਨੂੰ ਧਮਕਾਉਣ ਦੇ ਦੋਸ਼ ਲੱਗੇ ਜਦ ਕਿ ਗਿੱਦੜਬਾਹਾ ਦੇ ਉਘੇ ਅਕਾਲੀ ਆਗੂ ਵਲੋਂ ਗੋਲੀਆਂ ਤਕ ਚਲਾ ਦਿਤੀਆਂ ਗਈਆਂ ਜਿਸ ਵਿਚ ਪੀ.ਪੀ.ਪੀ. ਦਾ ਇਕ ਵਰਕਰ ਜ਼ਖ਼ਮੀ ਹੋਇਆ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੁਟਰ ਸ਼ਰੀਹ ਵਿਖੇ ਹੋਏ ਆਪਸੀ ਟਕਰਾਅ ਉਪਰੰਤ ਚੋਣਾਂ ਮੁਲਤਵੀ ਕਰ ਕੇ ਮੁੜ 21 ਸਤੰਬਰ ਨੂੰ ਨਿਰਧਾਰਤ ਕਰ ਦਿਤੀਆਂ ਗਈਆਂ। ਯਾਦ ਰਹੇ ਕਿ 12ਵੀਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿਖੇ 57 ਲੱਖ ਵੋਟਰ ਹਨ। ਜਿਨ੍ਹਾਂ ਨੇ 120 ਹਲਕਿਆਂ ਤੋਂ 170 ਮੈਂਬਰ ਚੁਣਨ ਲਈ ਵੋਟਾਂ ਪਾਈਆਂ ਜਦ ਕਿ 7 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਨ੍ਹਾਂ 170 ਮੈਂਬਰਾਂ ਵਿਚੋਂ 20 ਅਨੁਸੂਚਿਤ ਜਾਤੀ ਦੇ ਮੈਂਬਰ ਅਤੇ 5 ਅਨੁਸੂਚਿਤ ਜਾਤੀ ਦੀਆਂ ਔਰਤਾਂ ਸਣੇ 30 ਮਹਿਲਾ ਉਮੀਦਵਾਰ ਚੁਣੇ ਜਾਣੇ ਹਨ। ਇਨ੍ਹਾਂ ਚੋਣਾਂ ਵਾਸਤੇ ਪੰਜਾਬ ਵਿਚ 8334, ਹਰਿਆਣਾ ’ਚ 533, ਹਿਮਾਚਲ ਪ੍ਰਦੇਸ਼ ’ਚ 126 ਅਤੇ ਚੰਡੀਗੜ੍ਹ ’ਚ 28 ਪੋ¦ਿਗ ਬੂਥ ਬਣਾਏ ਗਏ। ਵੈਸੇ ਤਾਂ ਸਾਰੇ ਹੀ ਪੋ¦ਿਗ ਬੂਥ ਸੰਵੇਦਨਸ਼ੀਲ ਸਨ ਪਰ ਪੰਜਾਬ ’ਚ 490 ਬੂਥ ਅਤਿ ਸੰਵੇਦਨਸ਼ੀਨ ਐਲਾਨੇ ਗਏ ਸਨ।